ਆ ਪਰਦੇਸੀਆ ਮੋੜ ਮੁਹਾਰਾ

ਆ ਪਰਦੇਸੀਆ ਮੋੜ ਮੁਹਾਰਾ , ਕਿਉਂ ਤੂੰ ਲਾਈਆਂ ਦੇਰਾਂ,
ਦੀਦ ਤੇਰੀ ਨੂੰ ਤਰਸਣ ਅਖੀਆਂ , ਪਾ ਕਦੇ ਸਜਨਾ ਫੇਰਾ,
ਦਰਦ ਵਿਛੋੜਾ ਝੱਲਣਾ ਔਖਾ, ਹੁੰਦਾ ਨਾ ਹੁਣ ਜੇਰਾ,
ਅੱਖੀਆਂ ਦੇ ਵਿਚ ਸੂਰਤ ਵਸਦੀ, ਭੁਲਦਾ ਨਾ ਕਦੇ ਚਿਹਰਾ,
ਤੱਕਦੀ ਰਹਿੰਦੀ ਸੁਨੀਆ ਰਾਹਾਂ, ਹੁਣ ਦਿਲ ਨਹੀਂ ਲਗਦਾ ਮੇਰਾ,
ਹੰਝੂ ਰਿਸਦੇ ਯਾਦ ਤੇਰੀ ਵਿਚ, ਨਿਤ ਨਾਂ ਲੈ ਲੈ ਕੇ ਤੇਰਾ,

ਪਿਆਰ ਤੇਰੇ ਨਾਲ ਸੱਜਣਾ ਮੈ ਪਾਕੇ, ਰੋਣਿਆ ਨੂੰ ਗਲ ਪਾ ਲਿਆ,
ਰੋਵਾਂ ਧੂਵੇਂ ਦਾ ਕਦੇ ਮੈਂ ਪੱਜ ਲਾਕੇ, ਮੈਂ ਰੋਣਿਆ ਨੂੰ ਗਲ ਪਾ ਲਿਆ,

ਰੁਕਦੇ ਨਹੀਂ ਹੰਝੂ, ਜਦੋਂ ਆਉਂਦਾ ਤੇਰਾ ਖਿਆਲ ਵੇ,
ਪੁਛਦੇ ਨੇ ਲੋਕੀ ਮੈਥੋਂ, ਸੌ ਸੌ ਪੁਛਦੇ ਸਵਾਲ ਵੇ,
ਰੋਵਾਂ ਧੂਵੇਂ ਦਾ ਕਦੇ ਮੈਂ ਪੱਜ ਲਾਕੇ, ਮੈਂ ਰੋਣਿਆ ਨੂੰ ਗਲ ਪਾ ਲਿਆ,

ਛੱਡ ਗਿਆ ਕੱਲੀ ਨੂੰ , ਜਾ ਵਲੈਤ ਆਪ ਬਹਿ ਗਿਆ,
ਆਵਾਂਗਾ ਮੈਂ ਛੇਤੀ, ਮੈਨੂੰ ਜਾਣ ਲੱਗਾ ਕਹਿ ਗਿਆ,
ਬੜਾ ਰਖਦੀ ਆ ਦਿਲ ਸਮਝਾ ਕੇ, ਮੈਂ ਰੋਣਿਆ ਨੂੰ ਗੱਲ ਪਾ ਲਿਆ,

ਜੋਬਨ ਇਹ ਤੱਤੜੀ ਨੇ, ਲਾਇਆ ਤੇਰੇ ਨਾਮ ਵੇ,
ਢਲ ਰਿਹਾ ਦਿਨ ਜਿਵੇ ਪੈਂਦੀ ਜਾਂਦੀ ਸ਼ਾਂਮ ਵੇ,
ਚੱਲੀ ਢਲ ਇਹ ਜਵਾਨੀ ਦੇਖ ਆ ਕੇ, ਮੈਂ ਰੋਣਿਆ ਨੂੰ ਗੱਲ ਪਾ ਲਿਆ,

ਗੱਲ ਲਾਵਾਂ ਫੋਟੋ ਤੇਰੀ ,ਸੋਚਾ ਵਿਚ ਡੁਬਦੀ,
ਪੀੜ ਇਹ ਵਿਛੋੜੇ ਵਾਲੀ, ਸੀਨੇ ਵਿਚ ਚੁਬਦੀ
ਕਦੋਂ ਪੂੰਜੇਗਾ ਤੂੰ ਹੰਝੂ ਗਲ ਲਾਕੇ, ਮੈਂ ਰੋਣਿਆ ਨੂੰ ਗੱਲ ਪਾ ਲਿਆ,

ਜਾਣਦੀ ਆ ਤੇਰੀਆਂ ਵੀ, ਲਖ ਮਜਬੂਰੀਆਂ,
ਪਾਈਆਂ ਨੇ ਹਲਾਤਾ ਸਾਡੇ ਵਿਚ ਇਹ ਦੂਰੀਆਂ,
ਕਿਤੇ ਬਹਿਜੀ ਨਾ ਤੂੰ ਦਿਲ ਤੋਂ ਭੁਲਾ ਕੇ, ਮੈਂ ਰੋਣਿਆ ਨੂੰ ਗੱਲ ਪਾ ਲਿਆ,

ਪੈਂਦਾ ਜਾਂਦਾ ਫਿਕਾ ਰੰਗ, ਚਿਹਰੇ ਦਾ ਵੀ ਹਾਣੀਆ,
ਕਿਤੇ ਮੋੜ ਮੁਹਾਰਾ ,ਤੇਰੇ ਵਾਸਤੇ ਮੈਂ ਪਾਨੀ ਆ,
"ਸਾਹਿਬ" ਭੁਲਿਆ ਕਿਉਂ ਕਸਮਾਂ ਤੂੰ ਖਾਕੇ, ਮੈਂ ਰੋਣਿਆ ਨੂੰ ਗੱਲ ਪਾ ਲਿਆ,

ਆ ਪਰਦੇਸੀਆ ਮੋੜ ਮੁਹਾਰਾ