ਪਿੰਡ ਦੰਦੂਪੁਰ ਅੱਡੇ ਕੋਲੋਂ ਨਵਜੰਮੀ ਬੱਚੀ ਪੁਲਿਸ ਨੂੰ ਬਰਾਮਦ

ਜਿੱਥੇ ਕੁੱਝ ਲੋਕ ਅਜਿਹੇ ਹਨ, ਜੋ ਔਲਾਦ ਨੂੰ ਤਰਸਦੇ ਹਨ ਤੇ ਪ੍ਰਮਾਤਮਾ ਅੱਗੇ ਅਰਦਾਸਾਂ ਕਰਦੇ ਹਨ ਕਿ ਉਨ੍ਹਾਂ ਨੂੰ ਭਾਵੇਂ ਕੁੜੀ ਹੀ ਦੇ, ਪਰ ਔਲਾਦ ਦੀ ਦਾਤ ਜ਼ਰੂਰ ਬਖ਼ਸ਼, ਪਰ ਦੂਸਰੇ ਪਾਸੇ ਕੁੱਝ ਅਜਿਹੇ ਲੋਕ ਵੀ ਹਨ ਜੋ ਕੁੜੀਆਂ ਦੇ ਜੰਮਣ 'ਤੇ ਸੋਗ ਮਨਾਉਂਦੇ ਹਨ ਤੇ ਉਨ੍ਹਾਂ ਨੂੰ ਜੰਮਣ ਤੋਂ ਪਹਿਲਾਂ ਜਾਂ ਬਾਅਦ ਵਿਚ ਮਾਰਨ ਤੋਂ ਜ਼ਰਾ ਵੀ ਨਹੀਂ ਝਿਜਕਦੇ | ਅਜਿਹੀ ਇਕ ਘਟਨਾ ਨਜ਼ਦੀਕੀ ਪਿੰਡ ਦੰਦੂਪੁਰ ਦੇ ਬੱਸ ਅੱਡੇ ਕੋਲ ਵੇਖਣ ਨੂੰ ਮਿਲੀ ਜਿੱਥੇ ਕੁੱਝ ਦਿਨਾਂ ਦੀ ਨਵਜੰਮੀ ਬੱਚੀ ਨੂੰ ਉਸ ਦੇ ਪਰਿਵਾਰ ਵਾਲੇ ਇਕੱਲੀ ਛੱਡ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੰਦੂਪੁਰ ਦਾ ਵਸਨੀਕ ਮਹਿੰਦਰ ਸਿੰਘ ਦਾ ਨੌਕਰ ਜਦੋਂ ਸ਼ਾਮ ਸਮੇਂ ਖੇਤਾਂ ਵਿਚ ਪਸ਼ੂਆਂ ਲਈ ਚਾਰਾਂ ਲੈਣ ਗਿਆ ਤਾਂ ਉਸ ਨੇ ਸੜਕ ਕਿਨਾਰੇ ਰੁੱਖਾਂ ਕੋਲ ਬੱਚੀ ਵੇਖੀ ਤੇ ਇਸ ਸਬੰਧੀ ਪਿੰਡ ਦੇ ਸਰਪੰਚ ਦਰਸ਼ਨ ਸਿੰਘ ਨੂੰ ਇਤਲਾਹ ਦਿੱਤੀ | ਮੌਕੇ 'ਤੇ ਸਾਰਾ ਪਿੰਡ ਇਕੱਠਾ ਹੋ ਗਿਆ ਤੇ ਇਸ ਸਬੰਧੀ ਥਾਣਾ ਤਲਵੰਡੀ ਚੌਧਰੀਆਂ ਪੁਲਿਸ ਨੂੰ ਸੂਚਿਤ ਕੀਤਾ | ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਬੱਚੀ ਨੂੰ ਸਹੀ ਦੇਖ ਭਾਲ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ | ਇਸ ਸਬੰਧੀ ਪੁਲਿਸ ਨਾਲ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਲੜਕੀ ਬਿਲਕੁਲ ਠੀਕ ਹੈ ਤੇ ਜਿਸ ਨੇ ਵੀ ਇਸ ਨੂੰ ਸੁੱਟਿਆ ਹੈ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ |

ਪਿੰਡ ਦੰਦੂਪੁਰ ਅੱਡੇ ਕੋਲੋਂ ਨਵਜੰਮੀ ਬੱਚੀ ਪੁਲਿਸ ਨੂੰ ਬਰਾਮਦ